New Curriculum PA

ਨਵਾਂ ਪਾਠਕ੍ਰਮ

ਦੁਨੀਆ ਬਦਲ ਰਹੀ ਹੈ। ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਕਾਮਯਾਬ ਹੋਣ ਲਈ ਤਿਆਰ ਹੋਣ। ਇਸ ਤਰ੍ਹਾਂ ਹੀ ਟੀਚਰ ਚਾਹੁੰਦੇ ਹਨ। ਇਸ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ।

ਇਸ ਕਰਕੇ ਹੀ ਇਹ ਜ਼ਰੂਰੀ ਹੈ ਕਿ ਅਸੀਂ (ਪਿਛਲੀ ਸਦੀ ਵਿਚ ਤਿਆਰ ਕੀਤੇ ਗਏ) ਆਪਣੇ ਪੜ੍ਹਾਈ ਦੇ ਸਿਸਟਮ ਨੂੰ ਨਵੀਂਆਂ ਲੋੜਾਂ ਮੁਤਾਬਕ ਬਣਾਈਏ ਤਾਂ ਜੋ ਵਿਦਿਆਰਥੀ 21ਵੀਂ ਸਦੀ ਵਿਚ ਕਾਮਯਾਬ ਹੋ ਸਕਣ।

ਮਾਪੇ ਆਪਣੇ ਬੱਚਿਆਂ ਤੋਂ ਬੁਨਿਆਦੀ ਵਿਸ਼ੇ ਸਿੱਖਣ ਦੀ ਉਮੀਦ ਕਰਦੇ ਹਨ – ਪੜ੍ਹਨਾ, ਲਿਖਣਾ ਅਤੇ ਹਿਸਾਬ। ਕਲਪਨਾ ਕਰੋ ਕਿ ਉਹ ਅਜਿਹਾ ਅਸਲੀ ਦੁਨੀਆ ਦੀਆਂ ਹਾਲਤਾਂ ਵਿਚ ਕਰ ਰਹੇ ਹਨ।

ਹਰ ਵਿਦਿਆਰਥੀ ਸਹਿਯੋਗ, ਆਲੋਚਨਾਤਮਿਕ ਸੋਚਣੀ ਅਤੇ ਸੰਚਾਰ ਵਿਚ ਸਿੱਧਾ ਤਜਰਬਾ ਹਾਸਲ ਕਰੇਗਾ – ਉਹ ਹੁਨਰ ਜਿਨ੍ਹਾਂ ਦੀ ਉਨ੍ਹਾਂ ਨੂੰ ਕਾਲਜ, ਯੂਨੀਵਰਸਿਟੀ ਅਤੇ ਕੰਮ ਵਿਚ ਕਾਮਯਾਬ ਹੋਣ ਲਈ ਲੋੜ ਪਵੇਗੀ।

ਨਿੱਜੀ ਸਿਖਿਆ ਨਵੇਂ ਪਾਠਕ੍ਰਮ ਦੀ ਰੂਹ ਹੈ।

ਬੀ.ਸੀ. ਦਾ ਨਵਾਂ ਪਾਠਕ੍ਰਮ, ਵਿਦਿਆਰਥੀਆਂ ਦੀ ਆਪਣੀਆਂ ਦਿਲਚਸਪੀਆਂ ਅਤੇ ਸ਼ੌਂਕਾਂ ਬਾਰੇ ਜਾਣਕਾਰੀ ਲੈਂਦਿਆਂ ਹੋਇਆਂ ਸਿੱਖਣ ਵਿਚ ਮਦਦ ਕਰਦਾ ਹੈ। ਭਾਵੇਂ ਇਹ ਕੰਪਿਊਟਰ, ਹਾਕੀ ਜਾਂ ਆਰਟ ਹੋਵੇ, ਸ਼ੌਂਕ ਵਿਦਿਆਰਥੀਆਂ ਲਈ ਇਕ ਪ੍ਰੇਰਕ ਹੈ, ਅਤੇ ਵਿਦਿਆਰਥੀ ਕਲਾਸਰੂਮ ਵਿਚ ਅੱਗੇ ਨਿਕਲ ਜਾਣ ਲਈ ਆਪਣੀਆਂ ਦਿਲਚਸਪੀਆਂ ਨਾਲ ਜੁੜ ਸਕਦੇ ਹਨ।

ਬੀ.ਸੀ. ਦਾ ਨਵਾਂ ਪਾਠਕ੍ਰਮ ਬੀ.ਸੀ. ਦੇ ਅਧਿਆਪਕਾਂ ਦੀਆਂ ਟੀਮਾਂ ਵਲੋਂ ਠੋਸ ਖੋਜ, ਵਿਆਪਕ ਸਲਾਹ-ਮਸ਼ਵਰੇ ਅਤੇ ਦੁਨੀਆ ਭਰ ਤੋਂ ਕਲਾਸਰੂਮ ਦੀਆਂ ਕਾਮਯਾਬੀਆਂ ਨੂੰ ਆਧਾਰ ਬਣਾ ਕੇ ਤਿਆਰ ਕੀਤਾ ਗਿਆ ਹੈ।

ਤਿੰਨ ਸਾਲਾਂ ਦੀ ਅਜ਼ਮਾਇਸ਼ ਅਤੇ ਫੀਡਬੈਕ ਤੋਂ ਬਾਅਦ, ਕਿੰਡਰਗਾਰਟਨ ਤੋਂ ਗਰੇਡ 9 ਤੱਕ ਦਾ ਨਵਾਂ ਪਾਠਕ੍ਰਮ ਬੀ.ਸੀ. ਦੀਆਂ ਕਲਾਸਾਂ ਵਿਚ 2016/17 ਦੇ ਸਕੂਲ ਸਾਲ ਵਿਚ ਲਾਗੂ ਕੀਤਾ ਗਿਆ ਸੀ।

ਗਰੇਡ 10-12 ਲਈ ਪਾਠਕ੍ਰਮ ਦੇ ਖਰੜੇ, ਸੂਬੇ ਭਰ ਵਿਚ ਟੀਚਰਾਂ ਵਲੋਂ ਅਜ਼ਮਾਇਸ਼ੀ ਤੌਰ `ਤੇ ਵਰਤਣ ਲਈ 2016/17 ਤੋਂ ਉਪਲਬਧ ਰਹੇ ਹਨ। ਗਰੇਡ 10-12 ਦਾ ਪਾਠਕ੍ਰਮ – ਫੀਡਬੈਕ ਦੇ ਆਧਾਰ `ਤੇ – ਸੋਧਿਆ ਅਤੇ ਸੁਧਾਰਿਆ ਜਾ ਰਿਹਾ ਹੈ ਅਤੇ ਇਸ ਨੂੰ 2018 ਦੀਆਂ ਗਰਮੀਆਂ ਤੱਕ ਅੰਤਿਮ ਰੂਪ ਦੇ ਦਿੱਤਾ ਜਾਵੇਗਾ।

2018/19 ਵਿਚ, ਬੀ.ਸੀ. ਦੇ ਸਾਰੇ ਸਕੂਲ ਗਰੇਡ 10 ਦੇ ਪਾਠਕ੍ਰਮ ਲਈ ਦੁਬਾਰਾ ਡਿਜ਼ਾਇਨ ਕੀਤਾ ਗਿਆ ਅੰਤਿਮ ਪਾਠਕ੍ਰਮ ਵਰਤਣਗੇ; ਗਰੇਡ 11 ਅਤੇ 12 ਲਈ ਅੰਤਿਮ ਪਾਠਕ੍ਰਮ ਅਜ਼ਮਾਇਸ਼ੀ ਵਰਤੋਂ ਲਈ ਓਪਸ਼ਨਲ ਰਹੇਗਾ।

2019/20 ਵਿਚ ਬੀ.ਸੀ. ਦੇ ਸਾਰੇ ਸਕੂਲ, ਗਰੇਡ 11 ਅਤੇ 12 ਦੇ ਪਾਠਕ੍ਰਮ ਲਈ ਦੁਬਾਰਾ ਡਿਜ਼ਾਇਨ ਕੀਤਾ ਗਿਆ ਅੰਤਿਮ ਪਾਠਕ੍ਰਮ ਵਰਤਣਗੇ।